ਮਿੰਨੀ ਕਹਾਣੀ

ਬੀਰ ਇੰਦਰ ਬਨਭੌਰੀ

3/16/20261 min read

ਅੱਧਵੱਟੇ ਬੰਬਲ/ਬੀਰ ਇੰਦਰ ਬਨਭੌਰੀ

ਸਵੇਰੇ ਸਾਢੇ ਕੁ ਤਿੰਨ ਵਜੇ ਦਾ ਸਮਾਂ ਸੀ ਜਦੋਂ ਮਿੱਠੂ ਕਮਰੇ ਵਿਚ ਆਇਆ।

“ਬੇਬੇ ਜਾਗਦੀਐਂ…..” ਆਪਦੀ ਜਾਂਚੇ ਮਿਠੂ ਨੇ ਸੁੱਤੀ ਪਈ ਆਪਣੀ ਮਾਂ ਪਿਆਰੋ ਨੂੰ ਹਲੂਣਕੇ ਪੁੱਛਿਆ।

“ਜਾਗਦੀ….? ਜਾਗਾਂ ਤਾਂ ਜੇ ਸੁੱਤੀ ਹੋਮਾਂ…! ਨੀਂਦ ਚੰਦਰੀ ਕਿਥੇ ਆਉਂਦੀ ਐ….,” ਮਨ ਵਿਚ ਹੀ ਸੋਚਦਿਆਂ ਪਿਆਰੋ ਨੇ ਕੁਝ ਉਚੀ ਦੇਣੀ ਹੁੰਗਾਰਾ ਭਰਿਆ, “ਹੂੰਅਅ….,”

ਅਸਲ ਵਿਚ ਬੇਬੇ ਪਿਆਰੋ ਨੇ ਤਾਂ ਉਸੇ ਦਿਨ ਤੋਂ ਸੌਂ ਕੇ ਨਹੀਂ ਸੀ ਦੇਖਿਆ ਜਿਸ ਦਿਨ ਦਾ ਡਾਕਟਰਾਂ ਨੇ ਕੈਂਸਰ ਤੋਂ ਪੀੜਤ ਉਸਦੇ ਦਿਓਰ ਪ੍ਰੀਤਮ ਸਿੰਘ ਨੂੰ ਘਰੇ ਲਿਜਾ ਸੇਵਾ ਕਰਨ ਲਈ ਕਹਿ ਦਿਤਾ ਸੀ।

ਤੇ ਲੰਘੀ ਰਾਤ ਤਾਂ ਪਿਆਰੋ ਨੂੰ ਅੱਚਵੀ ਜਿਹੀ ਲੱਗੀ ਰਹੀ । ਕਈ ਵਾਰੀ ਉੱਠੀ…ਗੇੜਾ ਜਿਹਾ ਕੱਢ ਕੇ ਫੇਰ ਪੈਂਦੀ ਰਹੀ।

ਸਵੇਰੇ ਤਿੰਨ ’ਕ ਵਜੇ ਪਿਆਰੋ ਦੀ ਅੱਖ ਲੱਗੀ। ਉਸਨੂੰ ਸੁਫਨਾ ਆਇਆ…. ‘ਜਿਵੇਂ ਇਕ ਅੜਿੰਗਦਾ ਝੋਟਾ, ਖੁਰਾਂ ਨਾਲ ਮਿਟੀ ਪੁੱਟ ਪੁੱਟ ਕੇ ਸੁੱਟ ਰਿਹਾ ਹੈ….।’ ਬੇਬੇ ਪਿਆਰੋ ਧੰਦਕ ਕੇ ਉੱਠ ਬੈਠੀ। ਦਿਲ ਉਹਦੇ ਵਿਚ ਹੌਲ ਜਿਹਾ ਪੈ ਗਿਆ। ਰਾਮ ਰਾਮ ਕਰਦੀ ਆਪਣੇ ਆਪ ਨੂੰ ਹੀ ਬੋਲੀ, “ ਮਾੜਾ ਹੁੰਦੈ ਸੁਫਨੇ ਵਿਚ ਖੌਰੂ ਪਾਉਂਦਾ ਝੋਟਾ ਦਿਸਣਾ, ਹੇ ਮਹਾਰਾਜ ਠੀਕ ਰੱਖੀਂ ਉਹਨੂੰ…,।” ਖਾਸਾ ਚਿਰ੍ਹ ਬੈਠੀ ਰਹੀ ਸੀ ਤੇ ਫੇਰ ਟੇਢੀ ਹੋ ਗਈ ਸੀ।

ਬੇਬੇ ਦਾ ਹੁੰਗਾਰਾ ਸੁਣ ਮਿੱਠੂ ਹੌਲੀ ਜਿਹੀ ਬੋਲਿਆ, “ਬੇਬੇ ….ਚਾਚਾ ਗਿਆ….।”

ਮਿੱਠੂ ਦੀ ਗੱਲ ਪਿਆਰੋ ਦੇ ਧੁਰ ਅੰਦਰ ਤਾਂਈਂ ਸੂਲ ਬਣ ਫਿਰ ਗਈ।

“ਬੇਬੇ ਆਜੀਂ ਓਧਰ ਨੂੰ…,” ਆਪਣੀ ਮਾਂ ਨੂੰ ਆਪਣੇ ਚਾਚੇ ਦੀ ਮੌਤ ਦੀ ਇਤਲਾਹ ਦੇਣ ਜਿੰਨ੍ਹੀ ਪੈਂਰੀਂ ਮਿੱਠੂ ਆਇਆ ਸੀ ਉਨ੍ਹੀ ਪੈਰੀਂ ਵਾਪਸ ਮੁੜ ਗਿਆ।

ਪਿਆਰੋ ਦੀਆਂ ਸੋਚਾਂ ਉਸਨੂੰ ਪੰਜਾਹ ਸਾਲ ਪਿੱਛੇ ਲੈ ਗਈਆਂ ਜਦੋਂ ਪ੍ਰੀਤਮ ਦਾ ਵੱਡਾ ਭਰਾ ਵਿਸਾਖ ਸਿੰਘ ਉਸਨੂੰ ਵਿਆਹ ਕੇ ਇਸ ਵਿਹੜੇ ਵਿਚ ਲਿਆਇਆ ਸੀ। ਪਹਿਲੀ ਰਾਤ ਵਿਸਾਖ ਸਿੰਘ ਦੀ ਦਾਰੂ ਦਾ ਭੇਤ ਖੁੱਲਿਹਆ ਸੀ ਪਰ ਹੌਲੀ ਹੌਲੀ ਅਫੀਮ ਤੇ ਭੁੱਕੀ ਦਾ ਪਰਦਾ ਚੁੱਕਿਆ ਗਿਆ।

ਵਿਆਹ ਤੋਂ ਸਾਲ ਕੁ ਬਾਅਦ ਮਿਠੂ ਨੇ ਜਨਮ ਲਿਆ। ਉਸਤੋਂ ਸਾਲ ਬਾਅਦ ਮ੍ਵਿਠੂ ਤੋਂ ਛੋਟੀ ਸੁੱਖੀ ਨੇ। ਕੁੜੀ ਹੋਣ ਤੋਂ ਬਾਅਦ ਪਿਆਰੋ ਵਿਸਾਖ ਸਿੰਘ ਨਸ਼ਿਆਂ ਤੋਂ ਦੂਰ ਰਹਿਣ ਲਈ ਵਰਜਦੀ ਪਰ ਵਿਸਾਖ ਦੇ ਕੰਨੀ ਜੂੰ ਨਾ ਸਰਕਦੀ।

ਆਪਣੀ ਕਿਸਮਤ ਨੂੰ ਰੋਂਦੀ ਪਿਆਰੋ ਆਪਣੇ ਪਤੀ ਤੋਂ ਦੋ ਕੁ ਸਾਲ ਛੋਟੇ ਆਪਣੇ ਦਿਉਰ ਪ੍ਰੀਤਮ ਵੱਲ ਦੇਖ ਸੋਚਦੀ, ਦੋਹੇਂ ਹੈਗੇ ਤਾਂ ਇਕੋ ਮਾਂ ਦੇ ਜਾਏ ਨੇ…. ਇਕ ਅਮਲੀ ਤੇ ਦੂਜਾ ਨਸ਼ਿਆਂ ਤੋਂ ਰਹਿਤ, ਹਰ ਸਮੇਂ ਕੰਮ ਵਿਚ ਮਘਨ ਰਹਿਣ ਵਾਲਾ, ਨਰੋਈ ਦੇਹ। ਉਹ ਹੌਂਕਾ ਜਿਹਾ ਲੈਂਦੀ।

ਫੇਰ ਇਕ ਦਿਨ ਭਾਣਾ ਵਰਤ ਗਿਆ। ਨਸ਼ੇ ਵਿਚ ਰੱਜਿਆ ਵਿਸਾਖ ਸਿੰਘ ਮੋਟਰ ਤੇ ਪਿਆ ਹੀ ਰਹਿ ਗਿਆ। ਭੋਗ ਪਿਆ । ਘਰ ਵਿਚ ਗੱਲ ਤੁਰੀ ਪਿਆਰੋ ਨੂੰ ਪ੍ਰੀਤਮ ਦੇ ਲੜ ਲਾਉਣ ਦੀ। ਚਰਚਾ ਸੁਣ ਪਿਆਰੋ ਨੂੰ ਅੰਦਰੋ ਧਰਵਾਸ ਜਿਹਾ ਹੋਇਆ। ਉਸ ਵੱਲੋਂ ਤਾਂ ਹਾਂ ਸੀ ਪਰ ਪਹਿਲੋਂ ਹੀ ਕਿਤੇ ਮੰਗੇ ਹੋਏ ਪ੍ਰੀਤਮ ਨੇ ਫੈਸਲਾ ਦਿਤਾ ਕਿ ਉਹ ਵਿਆਹ ਤਾਂ ਆਪਣੀ ਮੰਗ ਨਾਲ ਹੀ ਕਰਵਾਏਗਾ ਪਰ ਆਪਣੇ ਭਰਾ ਦੇ ਬੱਚਿਆਂ ਨੂੰ ਵੀ ਪਾਲੇਗਾ। ਪ੍ਰੀਤਮ ਦੀ ਨਾਂਹ ਸੁਣ ਪਿਆਰੋ ਨੂੰ ਧੱਕਾ ਜਿਹਾ ਲੱਗਿਆ।

ਸਮਾਂ ਲੰਘਦਾ ਗਿਆ। ਬੱਚੇ ਜਵਾਨ ਹੋ ਗਏ। ਕੁੜੀਆਂ ਵਿਆਹੀਆਂ ਗਈਆਂ। ਸਾਂਝਾ ਵਿਹੜਾ ਅੱਡੋ-ਅੱਡ ਘਰ। ਖੇਤੀ ਪੱਤੀ ਦਾ ਕੰਮ ਮਿਠੂ ਨੇ ਸਾਂਭ ਲਿਆ। ਪ੍ਰੀਤਮ ਵਿਹਲਾ ਹੋ ਗਿਆ। ਉਹ ਘਰੇਲੂ ਕੰਮ ਹੀ ਕਰਦਾ। ਫੱਗਣ ਦੇ ਮਹੀਨੇ ਪ੍ਰੀਤਮ ਖੇਸ ਦੀ ਬੁੱਕਲ ਮਾਰੀ ਉਸਦੇ ਬੰਬਲ ਵੱਟਦਾ ਰਹਿੰਦਾ।

ਦਰਾਣੀ ਦੇ ਘਰੋਂ ਆ ਰਹੀ ਰੋਣ ਦੀ ਅਵਾਜ਼ ਨੇ ਪਿਆਰੋ ਨੂੰ ਮੁੜ ਮੰਜੇ ਤੇ ਲੈ ਆਂਦਾ। ਹਾੜ ਦੇ ਮਹੀਨੇ ਵਿਚ ਉਸਨੂੰ ਕੰਬਣੀ ਜਿਹੀ ਚੜ੍ਹ ਗਈ। ਉਸਨੂੰ ਕੋਈ ਮੋਟਾ ਕਪੜਾ ਨਾ ਦਿਸਿਆ ਜਿਸਨੂੰ ਉਹ ਆਲੇ ਦੁਆਲੇ ਲਪੇਟ ਲਵੇ। ਉਹ ਮੰਜੇ ਦੀ ਬਾਹੀ ਫੜਕੇ ਹੌਲੀ ਹੌਲੀ ਉਠੀ। ਸੰਦੂਕ ਕੋਲ ਪਹੁੰਚੀ। ਕੰਬਦੀ ਦੇਹ ਨਾਲ ਉਸਨੇ ਮਸਾਂ ਹੀ ਸੰਦੂਕ ਖੋਲਿਹਆ, ਕਪੜਿਆਂ ਦੇ ਥੱਲਿਓਂ ਜਿਹੇ ਰੱਖਿਆ ਇਕ ਖੇਸ ਕੱਢਿਆ, ਜਿਸਦੇ ਇਕ ਕੰਨ੍ਹੀ ਦੇ ਬੰਬਲ ਵੱਟੇ ਹੋਏ ਤੇ ਦੂਜੀ ਕੰਨ੍ਹੀ ਕੇਵਲ ਫਲੂੰਦੜਾਂ। ਪਿਆਰੋ ਮੰਜੇ ਤੇ ਆ ਖੇਸ ਲਪੇਟ ਕੇ ਪੈ ਗਈ…

ਇਹ ਅੱਧ ਵੱਟੇ ਬੰਬਲਾਂ ਵਾਲਾ ਉਹੀ ਖੇਸ ਸੀ ਜਿਹੜਾ ਕਈ ਸਾਲ ਪਹਿਲਾਂ ਆਪਣੇ ਦੁਆਲਿਓਂ ਲਾਹ ਪ੍ਰੀਤਮ ਸਿੰਘ ਨੇ ਮੰਜੇ ਤੇ ਰੱਖਿਆ ਤਾਂ ਸੀ ਪਰ ਮੁੜਕੇ ਲਭਿਆ ਨਹੀਂ ਸੀ….

scription.